ਪੰਜਾਬੀ ਨਾਟ-ਕਾਵਿ ਵਿਚ ਨਾਰੀ-ਸੰਵੇਦਨਾ ਦੇ ਧਰਾਤਲ

  • ਕਰਮਜੀਤ ਕੌਰ

Abstract

ਮੁੱਖ ਥੀਮ ‘ਪੰਜਾਬੀ ਸਾਹਿਤ ਵਿਚ ਨਾਰੀ-ਸੰਵੇਦਨਾ ਦੀ ਪਛਾਣ ਦਾ ਮਸਲਾ’ ਦੇ ਮੱਦੇਨਜ਼ਰ ‘ਪੰਜਾਬੀ ਨਾਟ-ਕਾਵਿ ਵਿਚ ਨਾਰੀ-ਸੰਵੇਦਨਾ ਦੇ ਧਰਾਤਲ’ ਵਿਸ਼ੇ ਉਪਰ ਖੋਜ-ਪੇਪਰ ਲਿਖਣ ਹਿੱਤ ਲੰਮੀਆਂ ਨਾਟਕੀ ਕਵਿਤਾਵਾਂ ਸ਼ੀਸ਼ੋ, ਛੱਤੋ ਦੀ ਬੇਰੀ, ਅੰਬੀ ਦੇ ਬੂਟੇ ਥੱਲੇ, ਅਟਕ, ਫੇਰ ਪਾਰੋ ਨੇ ਕਿਹਾ ਨੂੰ ਵਿਚਾਰਿਆ ਜਾਵੇਗਾ। ਪੰਜਾਬੀ ਨਾਟ-ਕਾਵਿ, ਕਾਵਿ-ਨਾਟ ਤੋਂ ਭਿੰਨ ਨਵੀਨ ਤੇ ਨਿਵੇਕਲੀ ਕਾਵਿ-ਵਿਧਾ ਹੈ। ਇਸ ਖੋਜ-ਪੇਪਰ ਦਾ ਮੂਲ ਮਕਸਦ ਪੰਜਾਬੀ ਨਾਟ-ਕਾਵਿ ਵਿਚ ਪੇਸ਼ ਨਾਰੀ-ਸੰਵੇਦਨਾ ਦੇ ਧਰਾਤਲਾਂ ਦੀ ਪਛਾਣ ਕਰਨਾ ਹੋਵੇਗਾ।

ਸੰਵੇਦਨਾ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ; ਜਿਸਦਾ ਅਰਥ ਹੈ- ਭਲੀ ਪ੍ਰਕਾਰ ਅਨੁਭਵ ਕਰਨਾ। ਸੰਵੇਦਨਾ ਅਨੁਭਵ ਅਤੇ ਬੋਧ ਸ਼ਕਤੀ ਹੈ ਜੋ ਭਾਵ ਬੋਧ ਨੂੰ ਤਿਖੇਰਾ ਕਰਦੀ ਹੈ। ਅਨੁਭਵ ਦੀ ਤੀਖਣਤਾ, ਹਮਦਰਦੀ ਪ੍ਰਾਪਤ ਕਰਨਾ ਜਾਂ ਹੋਣਾ, ਨਰਮਦਿਲੀ ਤੇ ਨਜ਼ਾਕਤ ਦਾ ਪ੍ਰਗਟਾਵਾ, ਆਪਣੇ ਦੁੱਖਾਂ ਪ੍ਰਤੀ ਚੇਤੰਨ ਹੋਣਾ ਅਤੇ ਦੂਜਿਆਂ ਦੇ ਦੁੱਖਾਂ ਵਿਚ ਭਾਗੀਦਾਰੀ ਦਾ ਅਨੁਭਵ ਕਰਨ ਦੇ ਨਾਲ ਨਾਲ ਸੁਹਜਾਤਮਕ ਗੁਣਾਂ ਦਾ ਪ੍ਰਗਟਾਵਾ ਆਦਿ ਸਾਰੇ ਪੱਖ ਸੰਵੇਦਨਾ ਵਿਚ ਸ਼ਾਮਿਲ ਹਨ। ਇਹ ਇਕ ਅਜਿਹੀ ਮਾਨਸਿਕ ਸ਼ਕਤੀ ਹੈ ਜੋ ਮਨੁੱਖ ਨੂੰ ਯਥਾਰਥ ਦਾ ਅਭਵ ਕਰਵਾਉਂਦੀ ਹੈ।

ਨਾਰੀ ਅਤੇ ਸੰਵੇਦਨਾ ਸ਼ਬਦਾਂ ਦੇ ਜੋੜ ‘ਨਾਰੀ-ਸੰਵੇਦਨਾ’ ਤੋਂ ਨਾਰੀ ਦੇ ਬਹੁਪਾਸਾਰੀ ਅਨੁਭਵ ਦੀ ਗ੍ਰਹਿਣਸ਼ੀਲਤਾ ਅਤੇ ਉਸਦੀ ਸਮਾਜਿਕ, ਮਨੋਵਿਗਿਆਨਕ ਅਤੇ ਆਰਥਿਕ ਦਸ਼ਾ ਦਾ ਬੋਧ ਹੁੰਦਾ ਹੈ। ਮਾਨਵੀ ਸੰਵੇਦਨਾਵਾਂ ਦੀ ਹੋਂਦ ਪਿੱਛੇ ਸੰਬੰਧਿਤ ਸਭਿਆਚਾਰਕ ਤੇ ਸਮਾਜਿਕ ਪਿਛੋਕੜ ਕੰਮ ਕਰਦਾ ਹੈ। ਨਾਰੀ-ਸੰਵੇਦਨਾ ਦੇ ਵਿਭਿੰਨ ਧਰਾਤਲਾਂ ਪਿੱਛੇ ਵੀ ਸੰਬੰਧਿਤ ਖਿੱਤੇ ਦੇ ਇਤਿਹਾਸਕ, ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਮਾਨਸਿਕ ਤੇ ਆਰਥਿਕ ਸਰੋਕਾਰ ਕਾਰਜਸ਼ੀਲ ਹੁੰਦੇ ਹਨ। ਇਨ੍ਹਾਂ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਦੇ ਹੋਏ, ਇਨ੍ਹਾਂ ਦੇ ਵਿਵਹਾਰਕ ਅੰਤਰ-ਸੰਬੰਧਾਂ ਵਜੋਂ ਹੋਂਦਸ਼ੀਲ ਹੋਏ ਧਰਾਤਲਾਂ ਦੀ ਪਛਾਣ ਤੇ ਪੇਸ਼ਕਾਰੀ ਕੀਤੀ ਜਾਵੇਗੀ। ਇਸ ਖੋਜ-ਪੇਪਰ ਵਿਚ  ਸਾਹਿਤ (ਪੰਜਾਬੀ ਨਾਟ-ਕਾਵਿ) ਵਿਚ ਸੰਚਾਰਿਤ ਹੋਏ ਨਾਰੀ-ਸੰਵੇਦਨਾ ਦੇ ਸੰਕਲਪ ਨੂੰ ਉਭਾਰਦੇ ਹੋਏ ਉਪਰੋਕਤ ਸਰੋਕਾਰਾਂ ਨੂੰ ਵਿਵਹਾਰਕ ਆਲੋਚਨਾਂ ਦੇ ਪੱਖ ਤੋਂ ਵਿਚਾਰਿਆ ਜਾਵੇਗਾ।

Published
2021-12-10